Go to top of page

What is academic integrity? (Punjabi) – ਅਕਾਦਮਿਕ ਇਮਾਨਦਾਰੀ ਕੀ ਹੈ?

ਅਕਾਦਮਿਕ ਇਮਾਨਦਾਰੀ ਨੂੰ ਸਮਝਣਾ

 ਅਕਾਦਮਿਕ ਇਮਾਨਦਾਰੀ ਕੀ ਹੈ?

ਅਕਾਦਮਿਕ ਇਮਾਨਦਾਰੀ

ਅਕਾਦਮਿਕ ਇਮਾਨਦਾਰੀ:

'ਇਹ ਉਮੀਦ ਕਰਨੀ ਹੈ ਕਿ ਅਧਿਆਪਕ, ਵਿਦਿਆਰਥੀ, ਖੋਜਕਰਤਾ ਅਤੇ ਅਕਾਦਮਿਕ ਭਾਈਚਾਰੇ ਦੇ ਸਾਰੇ ਮੈਂਬਰ ਇਮਾਨਦਾਰੀ, ਭਰੋਸਾ, ਨਿਰਪੱਖਤਾ, ਸਤਿਕਾਰ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ।' 

ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਨੂੰ 'ਅਕਾਦਮਿਕ ਹੇਰਾਫ਼ੇਰੀ' ਜਾਂ 'ਅਕਾਦਮਿਕ ਬੇਈਮਾਨੀ' ਵਜੋਂ ਵੀ ਜਾਣਿਆ ਜਾਂਦਾ ਹੈ।

ਸਾਰੇ ਆਸਟ੍ਰੇਲੀਆਈ ਉੱਚ ਸਿੱਖਿਆ ਵਿਦਿਆਰਥੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਪੜ੍ਹਾਈ ਦੌਰਾਨ ਅਕਾਦਮਿਕ ਇਮਾਨਦਾਰੀ ਨੂੰ ਬਰਕਰਾਰ ਰੱਖਣ। ਤੁਹਾਡੀ ਅਕਾਦਮਿਕ ਇਮਾਨਦਾਰੀ ਨੂੰ ਬਰਕਰਾਰ ਰੱਖਣ ਦਾ ਇੱਕ ਮਹੱਤਵਪੂਰਨ ਤਰੀਕਾ ਇਹ ਹੈ, ਜੇਕਰ ਤੁਹਾਨੂੰ ਪੜ੍ਹਾਈ ਸੰਬੰਧੀ ਸਮੱਸਿਆਵਾਂ ਆ ਰਹੀਆਂ ਹਨ ਤਾਂ ਆਪਣੇ ਅਧਿਆਪਕਾਂ ਜਾਂ ਤੁਹਾਡੇ ਸਕੂਲ ਨਾਲ ਸੰਪਰਕ ਕਰਨਾ ਅਤੇ ਹੱਲ ਕੱਢਣ ਲਈ ਉਹਨਾਂ ਨਾਲ ਮਿਲ ਕੇ ਕੰਮ ਕਰਨਾ। 

ਪੜ੍ਹਾਈ ਕਰਨ ਅਤੇ ਸਿੱਖਣ ਨਾਲ ਗਿਆਨ ਮਿਲਦਾ ਹੈ ਜਿਸਦੀ ਤੁਹਾਡੇ ਕੋਰਸ ਤੋਂ ਗ੍ਰੈਜੂਏਟ ਹੋਣ ਵਾਲੇ ਤੋਂ ਉਮੀਦ ਕੀਤੀ ਜਾਂਦੀ ਹੈ, ਪਰ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦਾ ਮਤਲਬ ਹੈ ਕਿ ਤੁਸੀਂ ਮਹੱਤਵਪੂਰਨ ਪੇਸ਼ੇਵਰ ਗਿਆਨ ਅਤੇ ਅਭਿਆਸ ਨੂੰ ਗੁਆ ਸਕਦੇ ਹੋ ਜਿਸਦੀ ਤੁਹਾਨੂੰ ਆਪਣੇ ਭਵਿੱਖ ਦੇ ਕੈਰੀਅਰ ਵਿੱਚ ਸਫ਼ਲ ਹੋਣ ਲਈ ਲੋੜ ਹੈ। 

ਆਪਣੀ ਸਾਖ ਦੀ ਰੱਖਿਆ ਕਰਨੀ

ਜਦੋਂ ਵਿਦਿਆਰਥੀ ਪੜ੍ਹਦੇ ਹਨ ਤਾਂ ਉਹ ਸਿੱਖਣ ਵਾਲੇ ਭਾਈਚਾਰੇ ਦਾ ਹਿੱਸਾ ਬਣ ਜਾਂਦੇ ਹਨ। ਤੁਹਾਡੇ ਕੋਰਸ ਜਾਂ ਸੰਸਥਾ ਦੀ ਅਕਾਦਮਿਕ ਇਮਾਨਦਾਰੀ ਨੂੰ ਕਮਜ਼ੋਰ ਕਰਨ ਵਾਲੀਆਂ ਕਾਰਵਾਈਆਂ ਭਵਿੱਖ ਵਿੱਚ ਤੁਹਾਡੀ ਸਾਖ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਉਦਾਹਰਨ ਲਈ, ਜੇ ਤੁਸੀਂ ਆਪਣੀ ਪੜ੍ਹਾਈ ਦੌਰਾਨ ਧੋਖਾਧੜੀ ਕਰਦੇ ਫੜੇ ਜਾਂਦੇ ਹੋ, ਤਾਂ ਪੇਸ਼ੇਵਰ ਸੰਸਥਾਵਾਂ ਤੁਹਾਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਸਕਦੀਆਂ ਹਨ।

ਅਪਰਾਧੀਆਂ ਤੋਂ ਬਚਣਾ 

ਅਕਾਦਮਿਕ ਇਮਾਨਦਾਰੀ ਨੂੰ ਬਣਾਈ ਰੱਖਣਾ ਤੁਹਾਨੂੰ ਅਪਰਾਧੀਆਂ ਤੋਂ ਵੀ ਬਚਾਉਂਦਾ ਹੈ।

ਵਪਾਰਕ ਧੋਖਾਧੜੀ ਸੇਵਾਵਾਂ ਆਸਟ੍ਰੇਲੀਆ ਵਿੱਚ ਗੈਰ-ਕਾਨੂੰਨੀ ਹਨ। 

ਜਿਹੜੇ ਵਿਦਿਆਰਥੀ ਲੇਖ, ਪੜ੍ਹਾਈ ਦੇ ਨੋਟਸ ਖਰੀਦਣ ਜਾਂ ਕਿਸੇ ਇਮਤਿਹਾਨ ਵਿੱਚ ਉਹਨਾਂ ਤਰਫ਼ੋਂ ਬੈਠਣ ਲਈ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੀ ਵਰਤੋਂ ਕਰਦੇ ਹਨ, ਉਹਨਾਂ ਨੂੰ ਬਲੈਕਮੇਲ ਕੀਤੇ ਜਾਣ ਦਾ ਖ਼ਤਰਾ ਵੀ ਹੁੰਦਾ ਹੈ। ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੇ ਸੰਚਾਲਕ ਯੂਨੀਵਰਸਿਟੀ ਜਾਂ ਵਿਦਿਆਰਥੀ ਦੇ ਭਵਿੱਖ ਦੇ ਰੁਜ਼ਗਾਰਦਾਤਾ ਨੂੰ - ਕਈ ਵਾਰ ਧੋਖਾਧੜੀ ਦੇ ਕਈ ਸਾਲਾਂ ਬਾਅਦ - ਉਹਨਾਂ ਦੀ ਧੋਖਾਧੜੀ ਬਾਰੇ ਸੂਚਿਤ ਕਰਨ ਦੀ ਧਮਕੀ ਦੇ ਸਕਦੇ ਹਨ ਜਦੋਂ ਤੱਕ ਵਿਦਿਆਰਥੀ ਉਹਨਾਂ ਨੂੰ ਵੱਡੀ ਰਕਮ ਦਾ ਭੁਗਤਾਨ ਨਹੀਂ ਕਰਦਾ ਹੈ।

ਵਿਵਹਾਰ ਜੋ ਅਕਾਦਮਿਕ ਇਮਾਨਦਾਰੀ ਦਾ ਸਮਰਥਨ ਕਰਦੇ ਹਨ

Tick mark in jigsaw piece

ਤੁਸੀਂ ਇਸ ਦੁਆਰਾ ਅਕਾਦਮਿਕ ਇਮਾਨਦਾਰੀ ਦਾ ਸਮਰਥਨ ਕਰ ਸਕਦੇ ਹੋ1:

 • ਇਹ ਸਵੀਕਾਰ ਕਰਨਾ ਕਿ ਤੁਹਾਡੇ ਦੁਆਰਾ ਵਰਤੀ ਜਾਣ ਵਾਲੀ ਜਾਣਕਾਰੀ ਕਿੱਥੋਂ ਆਈ ਹੈ, ਸਪਸ਼ਟ ਤੌਰ 'ਤੇ ਸਰੋਤ ਦਾ ਹਵਾਲਾ ਦੇਣਾ ਜਾਂ ਸਰੋਤ ਬਾਰੇ ਦੱਸਣਾ
 • ਆਪਣੀਆਂ ਪ੍ਰੀਖਿਆਵਾਂ ਵਿੱਚ ਆਪ ਬੈਠਣਾ ਅਤੇ ਆਪਣਾ ਕੰਮ ਆਪ ਜਮ੍ਹਾਂ ਕਰਨਾ
 • ਰਿਸਰਚ ਨਤੀਜਿਆਂ ਦੀ ਸਹੀ ਰਿਪੋਰਟ ਕਰਨਾ ਅਤੇ ਰਿਸਰਚ ਨੀਤੀਆਂ ਦੀ ਪਾਲਣਾ ਕਰਨਾ
 • ਕਾਪੀਰਾਈਟ ਅਤੇ ਪ੍ਰਾਈਵੇਸੀ ਕਾਨੂੰਨਾਂ ਦੇ ਅਨੁਸਾਰ, ਜਾਣਕਾਰੀ ਦੀ ਸਹੀ ਵਰਤੋਂ ਕਰਨਾ
 • ਨੈਤਿਕ ਤੌਰ 'ਤੇ ਕੰਮ ਕਰਨਾ ਜਾਂ 'ਸਹੀ ਕੰਮ' ਕਰਨਾ, ਭਾਵੇਂ ਤੁਸੀਂ ਮੁਸ਼ਕਲਾਂ ਦਾ ਹੀ ਕਿਉਂ ਨਾ ਸਾਹਮਣਾ ਕਰ ਰਹੇ ਹੋਵੋ।

ਜੇ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਹਨ ਜੋ ਤੁਹਾਡੀ ਅਕਾਦਮਿਕ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਤਾਂ ਆਪਣੇ ਲੈਕਚਰਾਰ ਜਾਂ ਟਿਊਟਰ ਜਾਂ ਕੋਰਸ ਕੋਆਰਡੀਨੇਟਰ ਨਾਲ ਗੱਲ ਕਰਨਾ ਸਭ ਤੋਂ ਵਧੀਆ ਹੈ।

ਵਿਵਹਾਰ ਜੋ ਅਕਾਦਮਿਕ ਇਮਾਨਦਾਰੀ ਨੂੰ ਕਮਜ਼ੋਰ ਕਰਦੇ ਹਨ

Cross mark in jigsaw piece

ਵਿਦਿਆਰਥੀਆਂ ਦੇ ਬਹੁਤ ਤਰ੍ਹਾਂ ਦੇ ਵਿਵਹਾਰ ਅਕਾਦਮਿਕ ਇਮਾਨਦਾਰੀ ਨੂੰ ਕਮਜ਼ੋਰ ਕਰ ਸਕਦੇ ਹਨ। ਕਈ ਵਾਰ, ਵਿਦਿਆਰਥੀ ਗਲਤੀ ਨਾਲ ਇਹ ਮੰਨ ਰਹੇ ਹੁੰਦੇ ਹਨ ਕਿ ਇਹ ਵਿਵਹਾਰ ਆਮ ਹਨ ਜਾਂ ਇਸਦੇ ਕੋਈ ਸਿੱਟੇ ਭੁਗਤਣੇ ਨਹੀਂ ਪੈਣਗੇ । ਇਹ ਗਲਤ ਹੈ। ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਕਰਨ ਲਈ ਭਾਰੀ ਜੁਰਮਾਨੇ ਲਾਗੂ ਹੋ ਸਕਦੇ ਹਨ (ਵਧੇਰੇ ਜਾਣਕਾਰੀ ਲਈ ਹੇਠਾਂ ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਕਰਨ ਲਈ ਜੁਰਮਾਨੇ ਦੇਖੋ)।

ਅਕਾਦਮਿਕ ਇਮਾਨਦਾਰੀ ਨੂੰ ਕਮਜ਼ੋਰ ਕਰਨ ਜਾਂ ਉਸਦੀ ਉਲੰਘਣਾ ਕਰਨ ਵਾਲੇ ਵਿਵਹਾਰ ਵਿੱਚ ਸ਼ਾਮਲ ਹਨ2:

ਸਾਹਿਤਕ ਚੋਰੀ

ਕੰਮ ਦੇ ਮੂਲ ਸਰੋਤ ਨੂੰ ਸਵੀਕਾਰ ਕਰਨ, ਉਸਦਾ ਹਵਾਲਾ ਦੇਣ ਜਾਂ ਸਰੋਤ ਦੱਸੇ ਬਿਨਾਂ ਅਜਿਹਾ ਕੰਮ ਪੇਸ਼ ਕਰਨਾ ਜੋ ਤੁਹਾਡਾ ਆਪਣਾ ਨਹੀਂ ਹੈ, ਨੂੰ ਸਾਹਿਤਕ ਚੋਰੀ ਵਜੋਂ ਜਾਣਿਆ ਜਾਂਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇਹ ਗਲਤੀ ਨਾਲ ਕਰਦੇ ਹੋ ਜਾਂ ਜਾਣਬੁੱਝ ਕੇ, ਭਾਵੇਂ ਤੁਸੀਂ ਸ਼ਬਦਾਂ ਨੂੰ ਬਦਲ ਕੇ ਉਸ ਨੂੰ ਆਪਣਾ ਬਣਾਉਂਦੇ ਹੋ ਜਾਂ ਸਿਰਫ਼ ਚੇਪਦੇ (ਕਾਪੀ ਅਤੇ ਪੇਸਟ ਕਰਦੇ) ਹੋ। ਜਦੋਂ ਤੁਸੀਂ ਕਿਸੇ ਹੋਰ ਵਿਅਕਤੀ ਦੇ ਵਿਚਾਰਾਂ ਅਤੇ ਸੋਚ ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਸਰੋਤ ਸਮੱਗਰੀ ਦਾ ਹਵਾਲਾ ਦੇਣਾ ਚਾਹੀਦਾ ਹੈ।

ਕੰਮ ਨੂੰ ਰੀਸਾਈਕਲ ਕਰਨਾ ਜਾਂ ਦੁਬਾਰਾ ਜਮ੍ਹਾਂ ਕਰਨਾ

ਰੀਸਾਈਕਲਿੰਗ ਵਿੱਚ ਤੁਹਾਡੇ ਅਧਿਆਪਕ ਦੀ ਇਜਾਜ਼ਤ ਤੋਂ ਬਿਨਾਂ, ਪਹਿਲਾਂ ਹੀ ਮੁਲਾਂਕਣ ਕੀਤੇ ਜਾ ਚੁੱਕੇ ਕੰਮ ਨੂੰ ਜਮ੍ਹਾਂ ਕਰਨਾ (ਜਾਂ ਦੁਬਾਰਾ ਜਮ੍ਹਾਂ ਕਰਨਾ) ਸ਼ਾਮਲ ਹੈ। ਉਦਾਹਰਨ ਲਈ, ਤੀਜੇ ਸਾਲ ਦੀ ਕਲਾਸ ਵਿੱਚ ਤੁਹਾਡੇ ਕੰਮ ਦੇ ਹਿੱਸੇ ਵਜੋਂ ਇੱਕ ਅਜਿਹੀ ਰਿਪੋਰਟ ਦਰਜ ਕਰਨਾ ਜਿਸਦੇ ਲਈ ਤੁਹਾਨੂੰ ਪਹਿਲੇ ਸਾਲ ਦੀ ਕਲਾਸ ਵਿੱਚ ਗ੍ਰੇਡ ਦਿੱਤਾ ਗਿਆ ਸੀ। ਜੇ ਤੁਸੀਂ ਆਪਣੇ ਪਿਛਲੇ ਕੰਮ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣੇ ਅਧਿਆਪਕ ਨਾਲ ਇਸ ਬਾਰੇ ਚਰਚਾ ਕਰਨੀ ਚਾਹੀਦੀ ਹੈ।

ਫਰਜ਼ੀ ਜਾਣਕਾਰੀ ਬਣਾਉਣਾ

ਫਰਜ਼ੀ ਜਾਣਕਾਰੀ ਵਿੱਚ ਰਿਸਰਚ-ਕੇਂਦ੍ਰਿਤ ਮੁਲਾਂਕਣ ਕਾਰਜਾਂ ਲਈ ਜਾਣਕਾਰੀ ਬਣਾਉਣਾ ਸ਼ਾਮਲ ਹੁੰਦਾ ਹੈ, ਜਿਵੇਂ ਕਿ ਪ੍ਰਯੋਗਾਤਮਕ ਜਾਂ ਇੰਟਰਵਿਊ ਡੇਟਾ। ਇਸ ਵਿੱਚ ਅਜਿਹੇ ਪ੍ਰਕਾਸ਼ਨਾਂ ਦਾ ਹਵਾਲਾ ਦੇ ਕੇ ਡੇਟਾ, ਸਬੂਤ ਜਾਂ ਵਿਚਾਰਾਂ ਦੇ ਸਰੋਤਾਂ ਨੂੰ ਪੈਦਾ ਕਰਨਾ ਵੀ ਸ਼ਾਮਲ ਹੋ ਸਕਦਾ ਹੈ ਜੋ ਗਲਤ ਹਨ ਜਾਂ ਜੋ ਬਸ ਮੌਜੂਦ ਹੀ ਨਹੀਂ ਹਨ।

ਮਿਲੀਭੁਗਤ

ਮਿਲੀਭੁਗਤ ਵਿੱਚ ਮੁਲਾਂਕਣਯੋਗ ਕੰਮ ਨੂੰ ਪੂਰਾ ਕਰਨ ਲਈ ਇੱਕ ਜਾਂ ਇੱਕ ਤੋਂ ਵੱਧ ਹੋਰ ਵਿਦਿਆਰਥੀਆਂ ਨਾਲ ਗੈਰ-ਕਾਨੂੰਨੀ ਸਹਿਯੋਗ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ। ਇਹ ਤੁਹਾਡੇ ਅਧਿਆਪਕਾਂ ਦੁਆਰਾ ਨਿਰਧਾਰਤ ਕੀਤੀਆਂ ਗਈਆਂ ਗਰੁੱਪ ਅਸਾਈਨਮੈਂਟਾਂ 'ਤੇ ਕੰਮ ਕਰਨ ਨਾਲੋਂ ਵੱਖਰਾ ਹੈ। ਗੈਰ-ਕਾਨੂੰਨੀ ਸਹਿਯੋਗ ਦੀਆਂ ਉਦਾਹਰਨਾਂ ਵਿੱਚ ਕੋਈ ਲੇਖ ਜਾਂ ਰਿਪੋਰਟ ਲਿਖਣ ਲਈ, ਜੋ ਇੱਕ ਵਿਅਕਤੀਗਤ ਕੰਮ ਹੋਣਾ ਚਾਹੀਦਾ ਹੈ, ਕਿਸੇ ਦੋਸਤ ਜਾਂ ਦੋਸਤਾਂ ਦੇ ਗਰੁੱਪ ਨਾਲ ਕੰਮ ਕਰਨਾ ਸ਼ਾਮਲ ਹੈ। ਇਸ ਵਿੱਚ ਦੂਜੇ ਵਿਦਿਆਰਥੀਆਂ ਨਾਲ ਪ੍ਰਸ਼ਨਾਵਲੀ (ਕਵਿਜ਼) ਜਾਂ ਟੈਸਟ ਦੇ ਸਵਾਲ ਅਤੇ ਜਵਾਬਾਂ ਦੇ ਨਾਲ-ਨਾਲ ਰਿਪੋਰਟਾਂ ਅਤੇ ਲੇਖਾਂ ਵਰਗੀਆਂ ਲਿਖਤੀ ਅਸਾਈਨਮੈਂਟਾਂ ਨੂੰ ਵੀ ਸਾਂਝਾ ਕਰਨਾ ਸ਼ਾਮਲ ਹੋ ਸਕਦਾ ਹੈ। ਗੈਰ-ਕਾਨੂੰਨੀ ਸਹਿਯੋਗ ਕਿਸੇ ਵਿਦਿਆਰਥੀ ਜਾਂ ਵਿਦਿਆਰਥੀਆਂ ਦੇ ਗਰੁੱਪ ਨੂੰ ਗਲਤ ਢੰਗ ਨਾਲ ਦੂਜਿਆਂ ਨਾਲੋਂ ਜ਼ਿਆਦਾ ਫ਼ਾਇਦਾ ਪਹੁੰਚਾ ਸਕਦਾ ਹੈ। ਵਿਦਿਆਰਥੀਆਂ ਨੂੰ ਕਦੇ ਵੀ ਆਪਣੇ ਕੰਮ ਨੂੰ ਦੂਜਿਆਂ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਜ਼ੋਖਮ ਹੁੰਦਾ ਹੈ ਕਿ ਜਿਸ ਵਿਅਕਤੀ ਨਾਲ ਤੁਸੀਂ ਇਸਨੂੰ ਸਾਂਝਾ ਕਰਦੇ ਹੋ ਉਹ ਇਸਨੂੰ ਗੈਰ-ਕਾਨੂੰਨੀ ਵਪਾਰਕ ਧੋਖਾਧੜੀ ਸੇਵਾ 'ਤੇ ਅੱਪਲੋਡ ਕਰ ਸਕਦਾ ਹੈ ਜਾਂ ਇਸਨੂੰ ਦੂਜਿਆਂ ਤੱਕ ਪਹੁੰਚਾ ਸਕਦਾ ਹੈ। 

ਇਮਤਿਹਾਨ ਵਿੱਚ ਧੋਖਾਧੜੀ

ਇਮਤਿਹਾਨ ਵਿੱਚ ਧੋਖਾਧੜੀ ਵਿੱਚ ਸ਼ਾਮਲ ਹਨ:

 • ਤੁਹਾਡੇ ਸਰੀਰ 'ਤੇ 'ਚੀਟ ਨੋਟਸ' ਲਿਖਣਾ ਜਾਂ ਸਮੱਗਰੀ ਜੋ ਤੁਸੀਂ ਇਮਤਿਹਾਨ ਵਾਲੇ ਕਮਰੇ ਵਿੱਚ ਲਿਜਾਉਂਦੇ ਹੋ
 • ਦੂਜੇ ਵਿਦਿਆਰਥੀਆਂ ਤੋਂ ਨਕਲ ਕਰਨ ਦੀ ਕੋਸ਼ਿਸ਼ ਕਰਨਾ
 • ਇਮਤਿਹਾਨ ਚੱਲ ਰਹੇ ਹੋਣ ਦੌਰਾਨ ਇਮਤਿਹਾਨ ਦੇ ਸਥਾਨ ਤੋਂ ਬਾਹਰ ਦੂਜੇ ਵਿਦਿਆਰਥੀਆਂ ਜਾਂ ਲੋਕਾਂ ਨਾਲ ਸੰਚਾਰ ਕਰਨਾ
 • ਇਮਤਿਹਾਨ ਚੱਲ ਰਹੇ ਹੋਣ ਦੌਰਾਨ ਇਸ ਨਾਲ ਸੰਬੰਧਿਤ ਜਾਣਕਾਰੀ ਤੱਕ ਪਹੁੰਚ ਕਰਨ ਲਈ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰਨਾ
 • ਇਮਤਿਹਾਨਾਂ ਵਿੱਚ ਮਨਾਹੀ ਵਾਲੀਆਂ ਵਸਤੂਆਂ, ਜਿਵੇਂ ਕਿ ਗੈਰ-ਪ੍ਰਵਾਨਿਤ ਕੈਲਕੂਲੇਟਰ ਜਾਂ ਪਾਠ ਪੁਸਤਕਾਂ ਲਿਆਉਣਾ।

ਇਕਰਾਰਨਾਮਾ ਧੋਖਾਧੜੀ ਅਤੇ ਕਿਸੇ ਵਿਅਕਤੀ ਦੀ ਜਗ੍ਹਾ ਇਮਿਤਹਾਨ ਲਿਖਣਾ

ਇਕਰਾਰਨਾਮਾ ਧੋਖਾਧੜੀ ਇੱਕ ਕਿਸਮ ਦੀ ਗੈਰ ਕਾਨੂੰਨੀ ਵਪਾਰਕ ਧੋਖਾਧੜੀ ਹੈ। ਇਸ ਵਿੱਚ ਤੁਹਾਡੇ ਕੰਮ ਦਾ ਹਿੱਸਾ ਜਾਂ ਸਾਰਾ ਕੰਮ ਕਿਸੇ ਹੋਰ ਕੋਲੋਂ ਪੂਰਾ ਕਰਵਾਉਣਾ ਅਤੇ ਫਿਰ ਕੰਮ ਨੂੰ ਇਸ ਤਰ੍ਹਾਂ ਜਮ੍ਹਾਂ ਕਰਨਾ ਸ਼ਾਮਲ ਹੈ ਜਿਵੇਂ ਤੁਸੀਂ ਇਸਨੂੰ ਆਪਣੇ ਆਪ ਪੂਰਾ ਕੀਤਾ ਹੈ। ਇਸ ਵਿੱਚ ਕਿਸੇ ਹੋਰ ਨੂੰ ਤੁਹਾਡੇ ਲਈ ਇਮਤਿਹਾਨ ਵਿੱਚ ਬੈਠਣ ਲਈ ਕਹਿਣਾ ਜਾਂ ਉਹਨਾਂ ਤੋਂ ਲੇਖ, ਰਿਪੋਰਟ ਜਾਂ ਕਿਸੇ ਹੋਰ ਕਿਸਮ ਦੀ ਅਸਾਈਨਮੈਂਟ ਲਿਖਵਾਉਣਾ ਸ਼ਾਮਲ ਹੋ ਸਕਦਾ ਹੈ, ਜਿਸਨੂੰ ਕਈ ਵਾਰ ‘ਗੋਸਟ-ਰਾਈਟਿੰਗ’ ਕਿਹਾ ਜਾਂਦਾ ਹੈ। 

ਗੈਰ-ਕਾਨੂੰਨੀ ਇਕਰਾਰਨਾਮਾ ਧੋਖਾਧੜੀ ਸੇਵਾਵਾਂ ਦਾ ਸਮਰਥਨ ਕਰਨ ਵਾਲੀਆਂ ਕਾਰਵਾਈਆਂ ਨੂੰ ਵੀ ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਮੰਨਿਆ ਜਾਂਦਾ ਹੈ। ਇਸ ਵਿੱਚ ਵਿਦਿਆਰਥੀ ਅਧਿਆਪਨ ਸਮੱਗਰੀ ਜਿਵੇਂ ਕਿ ਅਭਿਆਸ ਇਮਤਿਹਾਨ, ਲੈਕਚਰ ਸਲਾਈਡਾਂ ਅਤੇ ਅਸਾਈਨਮੈਂਟ ਪ੍ਰਸ਼ਨਾਂ ਨੂੰ 'ਸਟੱਡੀ ਨੋਟਸ' ਵਿੱਚ ਅੱਪਲੋਡ ਕਰਦੇ ਹਨ।

ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਕਰਨ ਲਈ ਜੁਰਮਾਨੇ

Penalties icon

ਵਿਦਿਆਰਥੀਆਂ ਨੂੰ ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਕਰਨ, ਜਿਸ ਨੂੰ ਆਮ ਤੌਰ 'ਤੇ 'ਅਕਾਦਮਿਕ ਹੇਰਾਫ਼ੇਰੀ' ਜਾਂ 'ਅਕਾਦਮਿਕ ਬੇਈਮਾਨੀ' ਕਿਹਾ ਜਾਂਦਾ ਹੈ, ਲਈ ਕਈ ਤਰ੍ਹਾਂ ਦੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਕਸਰ ਇਹ ਸੋਚਿਆ ਜਾਂਦਾ ਹੈ ਕਿ ਵਿਦਿਆਰਥੀ ਘੱਟ ਹੀ ਫੜੇ ਜਾਂਦੇ ਹਨ। ਫਿਰ ਵੀ ਖੋਜ ਦਰਸਾਉਂਦੀ ਹੈ ਕਿ ਅਧਿਆਪਕ ਅਤੇ ਸੰਸਥਾਵਾਂ ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਦਾ ਪਤਾ ਲਗਾ ਸਕਦੀਆਂ ਹਨ, ਅਤੇ ਗਲਤ ਕੰਮ ਕਰਨ ਵਾਲੇ ਵਿਦਿਆਰਥੀ ਫੜੇ ਜਾਂਦੇ ਹਨ3। ਅਤੇ ਧੋਖਾਧੜੀ ਨੂੰ ਫੜਨ ਦੇ ਤਰੀਕੇ ਲਗਾਤਾਰ ਬਿਹਤਰ ਹੋ ਰਹੇ ਹਨ।

ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਕਰਨ ਦੇ ਜੁਰਮਾਨਿਆਂ ਵਿੱਚ ਸ਼ਾਮਲ ਹੋ ਸਕਦੇ ਹਨ:

 • ਮੁਲਾਂਕਣ ਕਾਰਜ ਜਾਂ ਵਿਸ਼ੇ ਨੂੰ ਦੁਹਰਾਉਣਾ
 • ਮੁਲਾਂਕਣ ਕਾਰਜ, ਵਿਸ਼ੇ ਜਾਂ ਕੋਰਸ ਵਿੱਚ ਫੇਲ੍ਹ ਹੋਣਾ
 • ਤੁਹਾਡੀ ਸੰਸਥਾ ਤੋਂ ਕੱਢਿਆ ਜਾਣਾ, ਜਿਸ ਨਾਲ ਤੁਹਾਡੇ ਵਿਦਿਆਰਥੀ ਵੀਜ਼ੇ 'ਤੇ ਅਸਰ ਪੈ ਸਕਦਾ ਹੈ

ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ। ਅਕਾਦਮਿਕ ਜਾਂ ਅਪਰਾਧਿਕ ਜੁਰਮਾਨੇ ਦੇ ਜ਼ੋਖਮ ਤੋਂ ਇਲਾਵਾ, ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਕਰਨ ਦਾ ਪਾਇਆ ਜਾਣਾ ਦੂਜੇ ਵਿਦਿਆਰਥੀਆਂ, ਪਰਿਵਾਰ ਅਤੇ ਦੋਸਤਾਂ ਨਾਲ ਤੁਹਾਡੇ ਸੰਬੰਧਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ; ਤੁਹਾਡੇ ਭਵਿੱਖ ਦੇ ਕੈਰੀਅਰ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਤੁਹਾਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਤੁਹਾਡਾ ਵਿਦਿਆਰਥੀ ਵੀਜ਼ਾ ਵੀ ਜਾ ਸਕਦਾ ਹੈ।

ਮਦਦ ਪ੍ਰਾਪਤ ਕਰਨੀ

Help icon

ਜੇਕਰ ਤੁਹਾਡੇ ਕੋਲ ਅਕਾਦਮਿਕ ਇਮਾਨਦਾਰੀ ਬਾਰੇ ਕੋਈ ਸਵਾਲ ਹਨ, ਜਾਂ ਪੜ੍ਹਾਈ ਕਰਨ ਦੀਆਂ ਮੁਹਾਰਤਾਂ ਬਾਰੇ ਸਲਾਹ ਅਤੇ ਸਹਾਇਤਾ ਦੀ ਲੋੜ ਹੈ, ਤਾਂ ਤੁਹਾਨੂੰ ਆਪਣੀ ਸੰਸਥਾ ਨਾਲ ਗੱਲ ਕਰਨੀ ਚਾਹੀਦੀ ਹੈ। ਸ਼ੁਰੂਆਤ ਕਰਨ ਲਈ ਤੁਹਾਡੇ ਅਧਿਆਪਕ ਜਾਂ ਕੋਰਸ ਕੋਆਰਡੀਨੇਟਰ ਇੱਕ ਚੰਗੀ ਥਾਂ ਹਨ। 

ਜੇਕਰ ਤੁਹਾਡੇ 'ਤੇ ਅਕਾਦਮਿਕ ਇਮਾਨਦਾਰੀ ਦੀ ਉਲੰਘਣਾ ਕਰਨ ਦਾ ਦੋਸ਼ ਹੈ, ਤਾਂ ਤੁਹਾਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਤੁਹਾਡੀ ਸੰਸਥਾ ਕੋਲ ਵਿਦਿਆਰਥੀ ਅਨੁਸ਼ਾਸਨ, ਸ਼ਿਕਾਇਤਾਂ ਅਤੇ ਅਪੀਲਾਂ ਨਾਲ ਸੰਬੰਧਿਤ ਸਪੱਸ਼ਟ ਨੀਤੀਆਂ ਅਤੇ ਪ੍ਰਕਿਰਿਆਵਾਂ ਹੋਣੀਆਂ ਚਾਹੀਦੀਆਂ ਹਨ। ਤੁਹਾਨੂੰ ਇਹਨਾਂ ਨੀਤੀਆਂ ਨੂੰ ਪੜ੍ਹਨਾ ਚਾਹੀਦਾ ਹੈ, ਅਤੇ ਜੇਕਰ ਤੁਹਾਡੀ ਸੰਸਥਾ ਵਿੱਚ ਕੋਈ ਵਿਦਿਆਰਥੀ ਐਸੋਸੀਏਸ਼ਨ ਹੈ, ਤਾਂ ਤੁਸੀਂ ਸ਼ਾਇਦ ਉਹਨਾਂ ਤੋਂ ਵਕਾਲਤ ਅਤੇ ਸਹਾਇਤਾ ਸੇਵਾਵਾਂ ਵੀ ਲੈ ਸਕਦੇ ਹੋ।

ਅਗਲਾ ਸੈਕਸ਼ਨ (ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਦੀ ਪਛਾਣ ਕਰਨਾ, ਉਹਨਾਂ ਤੋਂ ਬਚਣਾ ਅਤੇ ਉਹਨਾਂ ਦੀ ਰਿਪੋਰਟ ਕਰਨਾ) ਇਹ ਦੱਸਦਾ ਹੈ ਕਿ ਤੁਹਾਨੂੰ ਸੋਸ਼ਲ ਮੀਡੀਆ 'ਤੇ ਇਸ਼ਤਿਹਾਰੀ ਵੈੱਬਸਾਈਟਾਂ ਜਾਂ ਸੇਵਾਵਾਂ ਤੋਂ ਮਦਦ ਸਵੀਕਾਰ ਕਰਨ ਤੋਂ ਕਿਉਂ ਬਚਣਾ ਚਾਹੀਦਾ ਹੈ ਕਿਉਂਕਿ ਉਹ ਗੈਰ-ਕਾਨੂੰਨੀ ਧੋਖਾਧੜੀ ਸੇਵਾਵਾਂ ਹੋ ਸਕਦੀਆਂ ਹਨ।

ਨੋਟ

 1. ਪਰਿਭਾਸ਼ਾਵਾਂ ਨੂੰ ਲਾ ਟਰੋਬ ਯੂਨੀਵਰਸਿਟੀ ਦੁਆਰਾ ਵਿਕਸਿਤ ਸਮੱਗਰੀ ਤੋਂ ਬਣਾਇਆ ਗਿਆ ਹੈ।
 2. ਪਰਿਭਾਸ਼ਾਵਾਂ ਨੂੰ ਸਿਡਨੀ ਯੂਨੀਵਰਸਿਟੀ ਦੁਆਰਾ ਵਿਕਸਿਤ ਸਮੱਗਰੀ ਤੋਂ ਬਣਾਇਆ ਗਿਆ ਹੈ।
 3. ਡਾਸਨ, ਪੀ. (Dawson, P.) ਅਤੇ ਸਦਰਲੈਂਡ-ਸਮਿਥ, ਡਬਲਯੂ. (Sutherland-Smith, W.) (2017)। ਕੀ ਮਾਰਕਰ ਇਕਰਾਰਨਾਮਾ ਧੋਖਾਧੜੀ ਦਾ ਪਤਾ ਲਗਾ ਸਕਦੇ ਹਨ? ਇੱਕ ਪਾਇਲਟ ਅਧਿਐਨ ਉੱਚ ਸਿੱਖਿਆ ਵਿੱਚ ਮੁਲਾਂਕਣ ਅਤੇ ਜਾਂਚਾਂ ਦੇ ਨਤੀਜੇ।